ਇਹ ਖ਼ਬਰ ਪੰਜਾਬ ਦੇ ਪਠਾਨਕੋਟ ਤੋਂ ਹੈ। ਬੀਤੀ ਰਾਤ ਪਠਾਨਕੋਟ ਦੇ ਮਹੱਲੇ ਅਬਰੋਲ ਨਗਰ ਦੇ ਵਿੱਚ ਰੰਜਸ਼ ਦੇ ਚਲਦਿਆਂ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ । ਇਸ ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਹੁਲ ਵਾਸੀ ਅਬਰੋਲ ਨਗਰ ਦੇ ਤੌਰ ਤੇ ਹੋਈ ਹੈ। ਕਤਲ ਦੀ ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਸਾਲ ਪਹਿਲਾਂ ਪਿੰਡ ਦੇ ਹੀ ਨੌਜਵਾਨ ਦੇ ਨਾਲ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਇਸ ਦੀ ਰੰਜਸ਼ ਦੇ ਚਲਦਿਆਂ ਹੀ ਦੋਸ਼ੀਆਂ ਵਲੋਂ ਪਿਛਲੇ ਰਾਤ ਨੌਜਵਾਨ ਦਾ ਤੇਜਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਇੱਥੇ ਹੀ ਬਸ ਨਹੀਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀਆਂ ਵਲੋਂ ਵਾਰਦਾਤ ਵਾਲੀ ਜਗ੍ਹਾ ਉੱਤੇ ਲਲਕਾਰੇ ਵੀ ਮਾਰੇ ਗਏ।
CCTV ਕੈਮਰਿਆਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਤਲ ਦੀ ਵਾਰਦਾਤ ਨੂੰ ਬੇਰਹਿਮੀ ਦੇ ਨਾਲ ਅੰਜਾਮ ਦਿੱਤਾ ਗਿਆ। ਮੁਲਜ਼ਮਾਂ ਨੇ ਪਹਿਲਾਂ ਰਾਹੁਲ ਨੂੰ ਗੱਲਾਂ ਵਿੱਚ ਲਾ ਕੇ ਖਡ਼ਾ ਲਿਆ ਅਤੇ ਬਾਅਦ ਵਿੱਚ ਇੱਕ ਨੌਜਵਾਨ ਨੇ ਆਕੇ ਉਸ ਉੱਤੇ ਗੰਢਾਸੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਰਾਹੁਲ ਜਖ਼ਮੀ ਹੋਕੇ ਜ਼ਮੀਨ ਉੱਤੇ ਡਿੱਗ ਪਿਆ ਅਤੇ ਕਾਤਲ ਨੌਜਵਾਨ ਉਦੋਂ ਤੱਕ ਰਾਹੁਲ ਉੱਤੇ ਵਾਰ ਕਰਦਾ ਰਹਿੰਦਾ ਹੈ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ। ਇੱਥੇ ਹੀ ਬਸ ਨਹੀਂ ਇਸ ਦੌਰਾਨ ਮੁਲਜ਼ਮ ਨੌਜਵਾਨ ਦਾ ਦੋਸਤ ਉੱਥੇ ਆਉਂਦਾ ਹੈ ਅਤੇ ਲਲਕਾਰੇ ਮਾਰਦਾ ਹੈ। ਇਸ ਦੌਰਾਨ ਸਾਰੇ ਹਮਲਾਵਰ ਨੌਜਵਾਨ ਉੱਥੇ ਤੋਂ ਕਾਰ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਹਨ।
ਇਸ ਮਾਮਲੇ ਦੇ ਸਬੰਧੀ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਆਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਦੱਸਣ ਅਨੁਸਾਰ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉੱਧਰ ਵਾਰਦਾਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਦੇ ਵਲੋਂ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।