ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਧਰਮਪੁਰਾ ਮੇਨ ਰੋਡ ਇਲਾਕੇ ਵਿੱਚ ਦੇਰ ਰਾਤ ਇੱਕ ਦੁਕਾਨ ਨੂੰ ਲੈ ਕੇ 2 ਧਿਰਾਂ ਵਿੱਚ ਜਬਰਦਸਤ ਝਗੜਾ ਹੋਇਆ ਦੋਵਾਂ ਧਿਰਾਂ ਇੱਕ ਦੂਜੇ ਤੇ ਹਾਵੀ ਵਿਖਾਈ ਦਿੱਤੀਆਂ। ਇਸ ਦੌਰਾਨ ਫਾਇਰਿੰਗ ਹੋਣ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰ. 3 ਅਤੇ ਚੌਕੀ ਧਰਮਪੁਰਾ ਦੀ ਪੁਲਿਸ ਘਟਨਾ ਵਾਲੀ ਥਾਂ ਉੱਤੇ ਪਹੁੰਚੀ ਪਰ ਮੌਕੇ ਦੇ ਗਵਾਹਾਂ ਦੇ ਦੱਸਣ ਅਨੁਸਾਰ ਪੁਲਿਸ ਇਸ ਘਟਨਾ ਵਿੱਚ ਮੂਕਦਰਸ਼ਕ ਬਣੀ ਰਹੀ।
ਇਸ ਝਗੜੇ ਬਾਰੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੇਰ ਰਾਤ ਧਰਮਪੁਰਾ ਇਲਾਕੇ ਦੇ 2 ਦੁਕਾਨਦਾਰ ਦੁਕਾਨ ਨੂੰ ਲੈ ਕੇ ਆਪਸ ਝਗੜ ਪਏ। ਦੋਵੇਂ ਧਿਰਾਂ ਇਕ ਦੁਕਾਨ ਉੱਤੇ ਆਪਣਾ ਹੱਕ ਜਤਾ ਰਹੀਆਂ ਸਨ। ਦੋਵੇਂ ਧਿਰਾਂ ਧਮਕਾਉਂਦੇ ਹੋਏ ਇੱਕ ਦੂਜੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਇਸ ਦੌਰਾਨ ਰਿਵਾਲਵਰ ਨਾਲ 2 ਹਵਾਈ ਫਾਇਰ ਵੀ ਹੋਏ। ਕਿਸ ਧਿਰ ਨੇ ਫਾਇਰਿੰਗ ਕੀਤੀ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ। ਇੱਕ ਧਿਰ ਜਸਬੀਰ ਸਿੰਘ ਸੰਧੂ ਨੇ ਦੱਸਿਆ ਹੈ ਕਿ ਧਰਮਪੁਰਾ ਇਲਾਕੇ ਵਿੱਚ ਉਸ ਦੀ ਦੁਕਾਨ ਹੈ। 3 ਮਹੀਨੇ ਪਹਿਲਾਂ ਦੁਕਾਨ ਮਹੱਲੇ ਦੀ ਇੱਕ ਮਹਿਲਾ ਨੂੰ ਵੇਚ ਦਿੱਤੀ ਸੀ ਪਰ ਦੂਜੇ ਪੱਖ ਦੇ ਲੋਕ ਦੁਕਾਨ ਉੱਤੇ ਆਪਣਾ ਕਬਜਾ ਕਰਨਾ ਚਾਹੁੰਦੇ ਹਨ। ਦੂਜੀ ਧਿਰ ਨੇ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਬੁਲਾਇਆ ਜਿਸਦੇ ਬਾਅਦ ਦੂਜੀ ਧਿਰ ਨੇ ਬੇਟੇ ਸਮੇਤ ਉਸ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਹੋਇਆਂ ਫਾਇਰਿੰਗ ਕੀਤੀ।
ਇਸ ਬਾਰੇ ਦੂਜੇ ਪੱਖ ਐਡਵੋਕੇਟ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੁਕਾਨ ਨਾਲ ਸਬੰਧਤ ਸਟੇ ਲਿਆ ਹੋਇਆ ਹੈ। ਸ਼ਾਮ ਨੂੰ ਉਹ ਆਪਣੇ ਆਫਿਸ ਵਿੱਚ ਬੈਠਾ ਸੀ। ਇੱਕ ਧਿਰ ਦੇ 20 ਤੋਂ 25 ਲੋਕ ਜਬਰਦਸਤੀ ਉਸਦੇ ਆਫਿਸ ਵਿੱਚ ਵੜ ਆਏ ਅਤੇ ਹਮਲਾ ਕਰ ਕੇ ਕੁੱਟਮਾਰ ਕੀਤੀ। ਹਮਲਾਵਰ ਉਸਦੇ ਆਫਿਸ ਵਿੱਚ ਲੱਗੇ ਕੈਮਰੇ ਅਤੇ ਡੀ. ਵੀ. ਆਰ. ਊਤਾਰ ਕੇ ਲੈ ਗਏ। ਦੋਵੇਂ ਧਿਰਾਂ ਇੱਕ ਦੂਜੇ ਉੱਤੇ ਪੁਲਿਸ ਕਾਰਵਾਈ ਕਰਵਾਉਣ ਦੇ ਲਈ ਸਿਵਲ ਹਸਪਤਾਲ ਮੈਡੀਕਲ ਕਰਵਾਉਣ ਗਏ ਹਨ।
ਇਸ ਸਬੰਧੀ ਥਾਣਾ ਇੰਨਚਾਰਜ ਅਕਾਸ਼ ਦੱਤ ਨੇ ਦੱਸਿਆ ਹੈ ਕਿ ਦੋਵੇਂ ਧਿਰਾਂ ਦੇ ਵਿੱਚ ਦੁਕਾਨ ਨੂੰ ਲੈ ਕੇ ਪਹਿਲਾਂ ਵੀ ਝਗੜਾ ਹੋਇਆ ਹੈ। ਫਾਇਰਿੰਗ ਦੀ ਗੱਲ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ। ਇਲਾਕੇ ਵਿੱਚ ਦਹਸ਼ਤ ਫੈਲਾਉਣ ਵਾਲੇ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਜਾਂਚ ਪੜਤਾਲ ਕਰ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।