ਇਹ ਮੰਦਭਾਗੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਪੰਜਾਬ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਗਏ ਬਟਾਲਾ ਦੇ ਨਜਦੀਕੀ ਕਸਬਾ ਅਮੋਨੰਗਲ ਦੇ ਇੱਕ ਨੌਜਵਾਨ ਦੀ ਸ਼ਨੀਵਾਰ ਦੀ ਰਾਤ ਨੂੰ ਕੈਨੇਡਾ ਵਿੱਚ ਇਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ। ਇਸ ਸੜਕ ਹਾਦਸੇ ਦੇ ਵਿੱਚ ਇਸ ਨੌਜਵਾਨ ਦੇ ਨਾਲ ਚਾਰ ਹੋਰ ਨੌਜਵਾਨਾਂ ਵੀ ਮੌਤ ਹੋਈ ਹੈ ਜਦੋਂ ਕਿ ਦੋ ਗੰਭੀਰ ਰੂਪ ਵਿਚ ਜਖਮੀ ਹੋ ਗਏ ਹਨ।
ਕਰਣਪਾਲ ਸਿੰਘ ਉਮਰ 23 ਸਾਲ ਪੁੱਤਰ ਅਜੀਤ ਸਿੰਘ ਵਾਸੀ ਅਮੋਨੰਗਲ ਕੈਨੇਡਾ ਦੇ ਵਿਚ ਪੜਾਈ ਕਰਨ ਦੇ ਲਈ ਗਿਆ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਕਰਣਪਾਲ ਜਨਵਰੀ 2021 ਦੇ ਵਿੱਚ ਕੈਨੇਡਾ ਦੇ ਮਾਂਟ੍ਰਿਅਲ ਪੜਾਈ ਲਈ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਕੈਨੇਡਾ ਤੋਂ ਫੋਨ ਆਇਆ ਸੀ ਕਿ ਕਰਣਪਾਲ ਸਿੰਘ ਆਪਣੇ ਸਾਥੀ ਵਿਦਿਆਰਥੀਆਂ ਦੇ ਨਾਲ ਮਾਂਟਰਿਅਲ ਤੋਂ ਪੇਪਰ ਦੇਕੇ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਉਨ੍ਹਾਂ ਦੀ ਕਾਰ ਇੱਕ ਟਰਾਲੇ ਦੇ ਨਾਲ ਟਕਰਾ ਗਈ। ਇਸ ਵਿੱਚ ਕਰਣਪਾਲ ਸਿੰਘ ਸਮੇਤ ਪੰਜ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹਲਕਾ ਸ਼੍ਰੀ ਹਰਗੋਬਿਦਪੁਰ ਦੇ ਨਵੇਂ ਚੁਣੇ ਗਏ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਵੀ ਆਪਣਾ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਨੌਜਵਾਨ ਦੇ ਮ੍ਰਿਤਕ ਸਰੀਰ ਨੂੰ ਇੰਡਿਆ ਵਿੱਚ ਲਿਆਂਦਾ ਜਾਵੇਗਾ।
ਮ੍ਰਿਤਕ ਨੌਜਵਾਨ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ। ਕਰਣਪਾਲ ਸਿੰਘ ਦੇ ਨਾਲ ਉਨ੍ਹਾਂ ਦੀ ਇੱਕ ਧੀ ਵੀ ਹੈ। ਕਰਣਪਾਲ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਦਾ ਲਾਡਲਾ ਪੁੱਤਰ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ। ਉਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮ੍ਰਿਤਕ ਬੇਟੇ ਦੇ ਸਰੀਰ ਨੂੰ ਉਨ੍ਹਾਂ ਦੇ ਪਿੰਡ ਭੇਜਿਆ ਜਾਵੇ। ਕਰਣਪਾਲ ਸਿੰਘ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਿੰਡ ਵਾਸੀ ਸਾਰੇ ਹੈਰਾਨ ਹਨ। ਬੇਵਕਤੀ ਹੋਈ ਮੌਤ ਦੇ ਕਾਰਨ ਨੌਜਵਾਨ ਦੇ ਪਰਿਵਾਰਕ ਮੈਬਰ ਸਦਮੇ ਵਿੱਚ ਹਨ।