ਇਹ ਖ਼ਬਰ ਪੰਜਾਬ ਤੋਂ ਹੈ । ਇਥੇ ਪੁਲਿਸ ਥਾਣਾ ਜੀਆਰਪੀ ਅੰਮ੍ਰਿਤਸਰ ਦੇ ਇਲਾਕੇ ਵੱਲਿਆ ਦੇ ਵਿੱਚ ਅੰਮ੍ਰਿਤਸਰ ਜਲੰਧਰ ਰੇਲਵੇ ਲਾਈਨ ਤੇ ਭੇਡਾਂ ਨੂੰ ਚਾਰਦੇ ਸਮੇਂ ਰੇਲਗੱਡੀ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਚਰਵਾਹੇ ਸਮੇਤ ਤਿੰਨ ਦਰਜਨ ਭੇਡਾਂ ਦੀ ਮੌਤ ਹੋ ਗਈ। ਜੀਆਰਪੀ ਪੁਲਿਸ ਵਲੋਂ ਚਰਵਾਹੇ ਦੀ ਲਾਸ਼ ਅਤੇ ਮਰੀਆਂ ਹੋਈਆਂ ਭੇਡਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਰਿਪੋਰਟ ਪੋਸਟ ਦੇ ਹੇਠਾਂ ਜਾ ਕੇ ਦੇਖੋ
ਇਸ ਮ੍ਰਿਤਕ ਚਰਵਾਹੇ (ਆਜੜੀ) ਦੀ ਪਹਿਚਾਣ ਬਦੀਨ ਉਮਰ 52 ਸਾਲ ਪੁੱਤਰ ਅਮੀਰਦੀਨ ਪੋਖਰਣ ਜੈਸਲਮੇਰ ਰਾਜਸਥਾਨ ਦੇ ਰੂਪ ਵਿੱਚ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਰੇਸ਼ਮ ਨੇ ਦੱਸਿਆ ਹੈ ਕਿ ਮ੍ਰਿਤਕ ਕੁੱਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਆਇਆ ਸੀ ਅਤੇ ਭੇਡਾਂ ਨੂੰ ਚਾਰਨ ਦਾ ਕੰਮ ਕਰਦਾ ਸੀ। ਉਹ ਵੀਰਵਾਰ ਨੂੰ ਦੁਪਹਿਰ 12 ਵਜੇ 200 ਭੇਡਾਂ ਨੂੰ ਲੈ ਕੇ ਚਾਰਨ ਲਈ ਆਇਆ ਸੀ। ਇੱਕ ਵਜੇ ਦੇ ਕਰੀਬ ਪੁੱਲ ਦੇ ਹੇਠੋਂ ਰੇਲਵੇ ਲਾਈਨ ਪਾਰ ਕਰ ਰਿਹਾ ਸੀ ਤਾਂ ਅਚਾਨਕ ਜਲੰਧਰ ਅੰਮ੍ਰਿਤਸਰ ਰੇਲਵੇ ਲਾਈਨ ਉੱਤੇ ਨੰਗਲ ਡੈਮ ਗੱਡੀ ਆ ਗਈ ਅਤੇ ਭੇਡਾਂ ਨੂੰ ਬਚਾਉਂਦੇ ਸਮੇਂ ਉਹ ਆਪ ਵੀ ਰੇਲ ਗੱਡੀ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ।
ਅੱਗੇ ਰੇਸ਼ਮ ਨੇ ਦੱਸਿਆ ਕਿ ਗਰਮੀਆਂ ਵਿੱਚ ਰਾਜਸਥਾਨ ਵਿੱਚ ਸੋਕਾ ਪੈਣ ਵਰਗੇ ਹਲਾਤ ਹੋ ਜਾਂਦੇ ਹਨ ਜਿਸਦੇ ਚਲਦੇ ਅਸੀਂ ਲੋਕ ਆਪਣੀਆਂ ਭੇਡਾਂ ਨੂੰ ਲੈ ਕੇ ਪੰਜਾਬ ਦੇ ਵੱਖੋ ਵੱਖ ਇਲਾਕਿਆਂ ਵਿੱਚ ਆ ਜਾਂਦੇ ਹਾਂ ਅਤੇ ਵਾਪਸ ਜਾ ਕੇ ਭੇਡਾਂ ਅਤੇ ਉਨ੍ਹਾਂ ਦੀ ਉਂਨ ਨੂੰ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੇ ਹਾਂ। ਜਾਂਚ ਅਧਿਕਾਰੀ ਪ੍ਰਥਵੀਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਚਰਵਾਹੇ ਦੀ ਲਾਸ਼ ਅਤੇ ਮਰੀਆਂ ਹੋਈਆਂ ਭੇਡਾਂ ਨੂੰ ਕਬਜੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਬੰਧਤ ਵੀਡੀਓ