ਹੋਲੇ ਮਹੱਲੇ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਖੌਫਨਾਕ ਹਾਦਸਾ, ਦੋ ਜਾਣਿਆਂ ਨੂੰ ਦਰਿਆ ਕਿਨਾਰੇ ਹੋਣੀ ਨੇ ਘੇਰਿਆ

Punjab

ਇਹ ਖ਼ਬਰ ਪੰਜਾਬ ਦੇ ਨੂਰਪੁਰਬੇਦੀ ਤੋਂ ਹੈ। ਇਥੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਮੌਕੇ ਮੱਥਾ ਟੇਕ ਕੇ ਵਾਪਸ ਆ ਰਹੇ 2 ਵਿਆਕਤੀਆਂ ਦੀ ਸਤਲੁਜ ਦਰਿਆ ਵਿੱਚ ਇਸਨਾਨ ਕਰਦੇ ਸਮੇਂ ਡੁੱਬ ਜਾਣ ਨਾਲ ਮੌਤ ਹੋ ਗਈ। ਇਸ ਕੁਦਰਤੀ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਦੋਵੇਂ ਵਿਅਕਤੀ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਸੁਲਤਾਨਵਿੰਡ ਦੇ ਨਾਲ ਸੰਬੰਧਿਤ ਸਨ।

ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਕੀ ਕਲਵਾਂ ਦੀ ਪੁਲਿਸ ਦੇ ਕੋਲ ਉਕਤ ਘਟਨਾ ਦੇ ਸੰਬੰਧ ਵਿਚ ਦਰਜ ਕਰਵਾਏ ਬਿਆਨਾਂ ਵਿੱਚ ਬਲਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਸੁਲਤਾਨ ਵਿੰਡ ਨੇ ਦੱਸਿਆ ਹੈ ਕਿ ਉਹ ਆਪਣੇ ਮੋਟਰਸਾਇਕਲ ਤੇ ਪਿੰਡ ਦੇ ਕੁਲਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਨਾਲ ਜਦੋਂ ਕਿ ਇੱਕ ਹੋਰ ਮੋਟਰਸਾਇਕਿਲ ਉੱਤੇ ਸਵਾਰ ਉਨ੍ਹਾਂ ਦੇ ਹੀ ਪਿੰਡ ਦਾ ਜਸਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਕੁਲਦੀਪ ਸਿੰਘ ਹੋਲਾ ਮਹੱਲਾ ਮੌਕੇ ਗੁਰਦੁਆਰਾ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਮੱਥਾ ਟੇਕ ਕੇ ਘਰ ਵਾਪਸ ਪਰਤ ਰਹੇ ਸਨ ਤਾਂ ਇਸ ਦੌਰਾਨ ਉਹ ਸ਼ਾਮ ਨੂੰ ਤਕਰੀਬਨ ਸਾਢੇ 3 ਵਜੇ ਰਸਤੇ ਵਿੱਚ ਗੜਸ਼ੰਕਰ -ਆਨੰਦਪੁਰ ਸਾਹਿਬ ਰਸਤੇ ਉੱਤੇ ਪੈਂਦੇ ਪਿੰਡ ਸੈਦਪੁਰ ਦੇ ਪੁੱਲ ਦੇ ਹੇਠੋਂ ਗੁਜਰਦੇ ਹੋਏ ਸਤਲੁਜ ਦਰਿਆ ਵਿੱਚ ਇਸਨਾਨ ਕਰਨ ਦੇ ਲਈ ਰੁਕ ਗਏ।

ਅੱਗੇ ਉਸ ਨੇ ਦੱਸਿਆ ਕਿ ਜਦੋਂ ਕੁਲਦੀਪ ਸਿੰਘ ਉਮਰ 45 ਸਾਲ ਅਤੇ ਜਸਵਿੰਦਰ ਸਿੰਘ ਉਮਰ 47 ਸਾਲ ਦਰਿਆ ਵਿੱਚ ਨਹਾ ਰਹੇ ਸਨ ਤਾਂ ਅਚਾਨਕ ਹੀ ਜਸਵਿੰਦਰ ਸਿੰਘ ਦਾ ਪੈਰ ਫਿਸਲਣ ਕਾਰਨ ਉਹ ਡੂੰਘੇ ਪਾਣੀ ਵਿੱਚ ਡਿੱਗਣ ਲਗਾ ਜਿਸ ਤੇ ਉਸ ਨੂੰ ਬਚਾਉਣ ਲਈ ਕੁਲਦੀਪ ਸਿੰਘ ਦਾ ਵੀ ਅਚਾਨਕ ਪੈਰ ਫਿਸਲ ਗਿਆ ਅਤੇ ਦੋਵੇਂ ਹੀ ਸਤਲੁਜ ਦਰਿਆ ਵਿੱਚ ਡੁੱਬ ਗਏ। ਇਸ ਤੋਂ ਬਾਅਦ ਬਚਾਅ ਲਈ ਜੁਟੇ ਗੋਤਾਖੋਰਾਂ ਦੇ ਵੱਲੋਂ ਦੇਰ ਸ਼ਾਮ ਨੂੰ ਕਈ ਘੰਟੀਆਂ ਦੀ ਮਸ਼ੱਕਤ ਤੋਂ ਬਾਅਦ ਦਰਿਆ ਵਿੱਚ ਡੂਬੇ ਵਿਆਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਚੌਕੀ ਕਲਵਾਂ ਦੇ ਇੰਨਚਾਰਜ ਏ. ਐਸ. ਆਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ਉੱਤੇ 174 ਸੀ. ਆਰ. ਪੀ. ਸੀ. ਦੇ ਅਨੁਸਾਰ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸ਼੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *