ਪੰਜਾਬ ਵਿਚ ਜਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਨਵੇਂ ਹਾਲ ਦੀ ਉਸਾਰੀ ਦੇ ਦੌਰਾਨ ਮੰਗਲਵਾਰ ਨੂੰ ਅਚਾਨਕ ਲੈਂਟਰ ਡਿੱਗ ਪਿਆ। ਲੈਂਟਰ ਦੇ ਹੇਠਾਂ ਆਉਣ ਨਾਲ ਠੇਕੇਦਾਰ ਸਰਬਜੀਤ ਸਿੰਘ ਉਮਰ 38 ਸਾਲ ਅਤੇ ਉਸਦੇ ਚਾਚਾ ਗੁਰਮੇਜ ਸਿੰਘ ਉਮਰ 65 ਸਾਲ ਦੀ ਮੌਤ ਹੋ ਗਈ। ਜਦੋਂ ਕਿ ਦੋ ਮਜਦੂਰ ਕਿਰਨਬੀਰ ਸਿੰਘ ਤੇ ਮੰਗਲ ਸਿੰਘ ਜਖ਼ਮੀ ਹੋ ਗਏ। ਪੁਲਿਸ ਨੇ ਮੌਕੇ ਤੇ ਜਾਕੇ ਲਾਸ਼ਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਲਾਸ਼ਾਂ ਦੇ ਪਰਵਾਰਾਂ ਨੇ ਕਾਨੂੰਨੀ ਕਾਰਵਾਈ ਲਈ ਮੰਗਲਵਾਰ ਸ਼ਾਮ ਤੱਕ ਆਪਣੇ ਬਿਆਨ ਦਰਜ ਨਹੀਂ ਕਰਵਾਏ।
ਕਾਰ ਸੇਵਾ ਸਰਹਾਲੀ ਸੰਪਰਦਾਏ ਦੇ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਸੰਗਤ ਲਈ ਨਵੇਂ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਸੀ। ਉਸਾਰੀ ਕਾਰਜ ਦੀ ਜਿੰਮੇਦਾਰੀ ਚੋਹਲਾ ਸਾਹਿਬ ਦੇ ਹੀ ਠੇਕੇਦਾਰ ਸਰਬਜੀਤ ਸਿੰਘ ਨੂੰ ਦਿੱਤੀ ਗਈ। ਮੰਗਲਵਾਰ ਨੂੰ ਸਵੇਰੇ ਸਾਢੇ ਨੌਂ ਵਜੇ ਉਕਤ ਹਾਲ ਉੱਤੇ ਲੈਂਟਰ ਪਾਉਣ ਦਾ ਕਾਰਜ ਸ਼ੁਰੂ ਹੋਇਆ। ਲੈਂਟਰ ਪਾਉਣ ਦੇ ਦੌਰਾਨ ਠੇਕੇਦਾਰ ਸਰਬਜੀਤ ਸਿੰਘ ਆਪਣੇ ਚਾਚਾ ਗੁਰਮੇਜ ਸਿੰਘ ਅਤੇ ਹੋਰ ਮਜਦੂਰਾਂ ਦੇ ਨਾਲ ਲੈਂਟਰ ਦੇ ਹੇਠਾਂ ਲੱਗੀ ਲੱਕੜੀ ਦੀ ਬੱਲੀ ਠੀਕ ਕਰਨ ਗਿਆ। ਇਸ ਦੌਰਾਨ ਅਚਾਨਕ ਬੱਲੀ ਖਿਸਕਣ ਕਾਰਨ ਲੈਂਟਰ ਡਿੱਗ ਪਿਆ।
ਇਸ ਲੈਂਟਰ ਦੇ ਹੇਠਾਂ ਆਉਣ ਕਾਰਨ ਅੱਧਾ ਦਰਜਨ ਮਜਦੂਰਾਂ ਉੱਤੇ ਲੈਂਟਰ ਦਾ ਮਲਬਾ ਡਿੱਗ ਪਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸੰਗਤ ਵੱਲੋਂ ਰੌਲਾ ਪਾਇਆ ਗਿਆ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਲੈਂਟਰ ਦਾ ਮਲਬਾ ਹਟਾਇਆ ਗਿਆ। ਕਰੀਬ ਡੇਢ ਘੰਟੇ ਤੱਕ ਲੈਂਟਰ ਦੇ ਮਲਬੇ ਦੇ ਹੇਠਾਂ ਦੱਬੇ ਰਹੇ ਠੇਕੇਦਾਰ ਸਰਬਜੀਤ ਸਿੰਘ ਅਤੇ ਉਸਦੇ ਚਾਚਾ ਗੁਰਮੇਜ ਸਿੰਘ ਤੋਂ ਇਲਾਵਾ ਹੋਰ ਮਜਦੂਰ ਕਿਰਨਬੀਰ ਸਿੰਘ ਮੰਗਲ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਗਿਆ। ਤਿੰਨ ਮਜਦੂਰ ਬਾਲ – ਬਾਲ ਬਚ ਗਏ। ਠੇਕੇਦਾਰ ਸਰਬਜੀਤ ਸਿੰਘ ਅਤੇ ਗੁਰਮੇਜ ਸਿੰਘ ਨੂੰ ਸਰਹਾਲੀ ਕਲਾਂ ਦੇ ਹਸਪਤਾਲ ਲੈ ਕੇ ਜਾਇਆ ਗਿਆ। ਜਿੱਥੇ ਦੋਵਾਂ ਦੀ ਮੌਤ ਹੋ ਗਈ। ਜਦੋਂ ਕਿ ਕਿਰਨਬੀਰ ਸਿੰਘ ਤੇ ਮੰਗਲ ਸਿੰਘ ਨੂੰ ਤਰਨਤਾਰਨ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਸਭ ਡਿਵੀਜਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਹੈ ਕਿ ਮੌਕੇ ਉੱਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਲਿਆ ਹੈ।
ਇਸ ਹਾਦਸੇ ਵਿਚ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਨੇ ਕਾਨੂੰਨੀ ਕਾਰਵਾਈ ਸਬੰਧੀ ਬਿਆਨ ਦਰਜ ਨਹੀਂ ਕਰਵਾਏ। ਕਾਰ ਸੇਵਾ ਸਰਹਾਲੀ ਸੰਪਰਦਾਏ ਦੇ ਮੁੱਖੀ ਬਾਬਾ ਸੁੱਖਾ ਸਿੰਘ ਅਤੇ ਉਪਮੁਖੀ ਬਾਬਾ ਹਾਕਮ ਸਿੰਘ ਨੇ ਹਾਦਸੇ ਉੱਤੇ ਦੁੱਖ ਪ੍ਰਗਟ ਕੀਤਾ ਹੈ। ਕਾਮਰੇਡ ਬਲਵਿਦਰ ਸਿੰਘ ਦਦੇਹਰ ਸਾਹਿਬ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਲੈਂਟਰ ਡਿੱਗਣ ਨਾਲ ਮਰਨ ਵਾਲੇ ਮਜਦੂਰਾਂ ਦੇ ਪਰਿਵਾਰਾਂ ਨੂੰ ਦੱਸ-ਦੱਸ ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ।