ਬੀਤੇ ਸ਼ੁੱਕਰਵਾਰ ਨੂੰ ਇੱਕ ਧਾਰਮਿਕ ਸਥਾਨ ਤੋਂ ਵਾਪਿਸ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟ੍ਰਾਲੀ ਦੀ ਬਸ ਨਾਲ ਟੱਕਰ ਹੋ ਗਈ। ਜਿਸ ਦੇ ਕਾਰਨ ਟਰੈਕਟਰ ਉੱਤੇ ਬੈਠੇ ਦੋ ਲੋਕ ਗੰਭੀਰ ਰੂਪ ਵਿਚ ਜਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਮੁਕਤਸਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਟਰੈਕਟਰ ਸਵਾਰ ਗੁਰਵਿੰਦਰ ਸਿੰਘ ਵਾਸੀ ਭੰਗਚੜੀ ਨੇ ਦੱਸਿਆ ਹੈ ਕਿ ਉਹ ਇੱਕ ਧਾਰਮਿਕ ਸਥਾਨ ਤੋਂ ਦਰਸ਼ਨ ਕਰ ਕੇ ਵਾਪਸ ਆ ਰਹੇ ਸਨ ਜਦੋਂ ਉਹ ਮਲੋਟ ਰੋਡ ਤੇ ਸਥਿਤ ਰਜਬਾਹੇ ਦੇ ਕੋਲ ਪਹੁੰਚੇ ਤਾਂ ਮਲੋਟ ਤੋਂ ਆ ਰਹੀ ਇੱਕ ਪ੍ਰਾਈਵੇਟ ਕੰਪਨੀ ਦੀ ਬਸ ਨੇ ਓਵਰਟੇਕ ਕਰਦੇ ਸਮੇਂ ਉਨ੍ਹਾਂ ਦੇ ਟਰੈਕਟਰ ਵਿੱਚ ਟੱਕਰ ਮਾਰੀ ਇਸ ਕਾਰਨ ਉਨ੍ਹਾਂ ਦੇ ਟਰੈਕਟਰ ਅਤੇ ਟ੍ਰਾਲੀ ਵਿੱਚ ਬੈਠੇ ਕਰੀਬ 20 ਤੋਂ 25 ਲੋਕਾਂ ਵਿੱਚੋਂ 3 ਤੋਂ 4 ਲੋਕ ਹੇਠਾਂ ਡਿੱਗ ਪਏ। ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਵਿਚੋਂ ਦੋ ਜਾਣਿਆਂ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਘਟਨਾ ਬਾਰੇ ਉਨ੍ਹਾਂ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਬਸ ਡਰਾਇਵਰ ਨੇ ਲਾਪਰਵਾਹੀ ਨਾਲ ਬਸ ਚਲਾਉਂਦੇ ਹੋਏ ਉਨ੍ਹਾਂ ਦੇ ਟਰੈਕਟਰ ਵਿੱਚ ਟੱਕਰ ਮਾਰੀ ਹੈ ਜਦੋਂ ਕਿ ਉਨ੍ਹਾਂ ਨੇ ਤਾਂ ਆਪਣੇ ਟਰੈਕਟਰ ਨੂੰ ਰੋਕ ਲਿਆ ਸੀ। ਉਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਬਸ ਡਰਾਇਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਦੋਂ ਇਹ ਘਟਨਾ ਹੋਈ ਤਾਂ ਆਸਪਾਸ ਦੇ ਦੁਕਾਨਦਾਰ ਉਨ੍ਹਾਂ ਦੀ ਸਹਾਇਤਾ ਕਰਨ ਦੀ ਬਜਾਏ ਉਨ੍ਹਾਂ ਦੇ ਗਲੇ ਹੀ ਪੈ ਗਏ ਅਤੇ ਉਹ ਉਕਤ ਬਸ ਡਰਾਇਵਰ ਦਾ ਹੀ ਪੱਖ ਲੈਂਦੇ ਰਹੇ ਜਦੋਂ ਕਿ ਗਲਤੀ ਬਸ ਡਰਾਇਵਰ ਦੀ ਸੀ।
ਇੰਨਸਾਫ ਮਿਲਦਾ ਨਾ ਦੇਖ ਟਰੈਕਟਰ ਉੱਤੇ ਸਵਾਰ ਲੋਕਾਂ ਨੇ ਉੱਥੇ ਹੀ ਧਰਨਾ ਲਾ ਕੇ 2 ਘੰਟੇ ਤੱਕ ਜਾਮ ਲਾਈ ਰੱਖਿਆ। ਇਸ ਦੇ ਚਲਦੇ ਆਉਣ ਜਾਣ ਵਾਲਿਆਂ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਕੁੱਝ ਸਮਾਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੀਡ਼ਤਾਂ ਨਾਲ ਗੱਲਬਾਤ ਕਰ ਕੇ ਧਰਨੇ ਨੂੰ ਚੁਕਵਾ ਦਿੱਤਾ। ਇਸ ਮੌਕੇ ਤੇ ਪਹੁੰਚੇ ਬਸ ਅੱਡਾ ਚੌਕੀ ਇੰਨਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚਲਿਆ ਤਾਂ ਉਹ ਮੌਕੇ ਤੇ ਪਹੁੰਚ ਗਏ ਜਿਵੇਂ ਹੀ ਪੀਡ਼ਤ ਬਿਆਨ ਦਰਜ ਕਰਵਾਉਣਗੇ ਉਸ ਆਧਾਰ ਉੱਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।