ਇਹ ਦੁੱਖ ਭਰੀ ਖ਼ਬਰ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਨਾਲ ਸਬੰਧਤ ਹੈ। ਤਰਨਤਾਰਨ ਦੇ ਹਲਕਾ ਖੰਡੂਰ ਸਾਹਿਬ ਦੇ ਪਿੰਡ ਨੋਨੇ ਵਾਸੀ ਹਰਪਾਲ ਸਿੰਘ ਦੀ ਅਮਰੀਕਾ ਦੇ ਸ਼ਹਿਰ ਮੈਰੀਲੇਂਡ ਵਿੱਚ ਇੱਕ ਸੜਕ ਹਾਦਸੇ ਦੌਰਾਨ ਸ਼ਨੀਵਾਰ ਨੂੰ ਮੌਤ ਹੋ ਗਈ। ਹਰਪਾਲ ਸਿੰਘ ਨਾਲ ਅਮਰੀਕਾ ਵਿੱਚ ਟਰਾਲਾ ਚਲਾਉਂਦੇ ਸਮੇਂ ਅਚਾਨਕ ਹਾਦਸਾ ਹੋ ਗਿਆ। ਐਤਵਾਰ ਦੀ ਸਵੇਰੇ ਜਦੋਂ ਪਰਿਵਾਰ ਨੂੰ ਇਹ ਦੁਖਦਾਈ ਖਬਰ ਮਿਲੀ ਤਾਂ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਅੱਜ ਤੋਂ ਤਕਰੀਬਨ ਤਿੰਨ ਸਾਲ ਪਹਿਲਾਂ ਆਪਣੀ ਤਿੰਨ ਏਕਡ਼ ਜ਼ਮੀਨ ਨੂੰ ਗਹਿਣੇ ਰੱਖ ਕੇ 30 ਲੱਖ ਦਾ ਕਰਜ ਲੈ ਕੇ ਹਰਪਾਲ ਸਿੰਘ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਦੇ ਲਈ ਅਮਰੀਕਾ ਦੇ ਵਿਚ ਗਿਆ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਹਰਪਾਲ ਸਿੰਘ ਦੀ ਪਤਨੀ ਗੁਰਜੀਤ ਕੌਰ ਨੇ ਦੱਸਿਆ ਕਿ ਟਰੱਕ ਡਰਾਇਵਰੀ ਦੇ ਕੰਮਕਾਜ ਦੇ ਵਿੱਚ ਕੋਈ ਮੁਨਾਫ਼ਾ ਨਹੀਂ ਮਿਲ ਰਿਹਾ ਸੀ। 2018 ਦੇ ਅਖੀਰ ਵਿੱਚ ਹਰਪਾਲ ਸਿੰਘ ਆਪਣੀ ਤਿੰਨ ਏਕਡ਼ ਜ਼ਮੀਨ ਗਹਿਣੇ ਰੱਖਕੇ 30 ਲੱਖ ਦਾ ਕਰਜ ਲੈ ਕੇ ਅਮਰੀਕਾ ਵਿਚ ਗਿਆ। ਉੱਥੇ ਟਰਾਲਾ ਚਲਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਕਾਗਜਾਤ ਵਿੱਚ ਕਮੀ ਦੇ ਚਲਦਿਆਂ ਹਰਪਾਲ ਸਿੰਘ ਨੂੰ ਅਮਰੀਕਾ ਦੀ ਜੇਲ੍ਹ ਵਿੱਚ ਵੀ ਰਹਿਣਾ ਪਿਆ।
ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਨੇ ਸ਼ੁੱਕਰਵਾਰ ਨੂੰ ਧੀ ਜਸਮੀਤ ਕੌਰ ਉਮਰ 8 ਸਾਲ ਅਤੇ ਰਣਨੀਤ ਕੌਰ ਉਮਰ 6 ਸਾਲ ਦੇ ਨਾਲ ਵੀਡੀਓ ਕਾਲ ਉੱਤੇ ਗੱਲਬਾਤ ਕਰਦੇ ਕਿਹਾ ਸੀ ਕਿ ਅਮਰੀਕਾ ਤੋਂ ਉਨ੍ਹਾਂ ਦੇ ਲਈ ਕੁੱਝ ਅਜਿਹੇ ਤੋਹਫੇ ਭੇਜਾਂਗਾ ਜੋ ਯਾਦ ਰਹਿਣਗੇ ਹਰਪਾਲ ਸਿੰਘ ਆਪਣੀਆਂ ਧੀਆਂ ਨੂੰ ਖੂਬ ਦਿਲ ਲਾ ਕੇ ਪੜ੍ਹਾਈ ਕਰਨ ਲਈ ਵਾਰ ਵਾਰ ਕਹਿੰਦਾ ਰਿਹਾ। ਸ਼ਨੀਵਾਰ ਦੀ ਸ਼ਾਮ ਨੂੰ ਅਚਾਨਕ ਅਮਰੀਕਾ ਤੋਂ ਫੋਨ ਆਇਆ ਕਿ ਹਰਪਾਲ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਗੁਰਜੀਤ ਕੌਰ ਨੇ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪਤੀ ਦੇ ਮ੍ਰਿਤਕ ਸਰੀਰ ਨੂੰ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ। ਖੰਡੂਰ ਸਾਹਿਬ ਦੇ ਵਿਧਾਇਕ ਮਨਜਿਦਰ ਸਿੰਘ ਲਾਲਪੁਰਾ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਰਵਿਦਰ ਸਿੰਘ ਬ੍ਰਹਮਪੁਰਾ ਕਾਂਗਰਸ ਨੇਤਾ ਭੂਪਿਦਰ ਸਿੰਘ ਬਿੱਟੂ ਵਲੋਂ ਹਰਪਾਲ ਸਿੰਘ ਦੇ ਪਰਵਾਰਿਕ ਮੈਬਰਾਂ ਦੇ ਨਾਲ ਦੁੱਖ ਜਤਾਇਆ ਗਿਆ ਹੈ।