ਪੰਜਾਬ ਦੇ ਜਿਲ੍ਹਾ ਜਲੰਧਰ ਵਿਚ ਪੁਲਿਸ ਵਲੋਂ ਇੱਕ 14 ਸਾਲ ਦੇ ਨਬਾਲਿਗ ਬੱਚੇ ਨੂੰ 3 ਦਿਨ ਹਿਰਾਸਤ ਵਿੱਚ ਲੈ ਕੇ ਉਸ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੱਚੇ ਉੱਤੇ ਸੋਨਾ ਚੋਰੀ ਕਰਨ ਦੇ ਇਲਜਾਮ ਲਾਏ ਗਏ ਜਿਸ ਕਾਰਨ ਗੁਆਂਢੀ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਸ ਮਾਮਲੇ ਵਿਚ ਦੂਜੇ ਪਾਸੇ ਬੱਚੇ ਦੇ ਪਿਤਾ ਨੇ ਬਿਆਨ ਦਿੰਦਿਆਂ ਹੋਇਆਂ ਕਿਹਾ ਹੈ ਕਿ ਉਸ ਦੇ ਬੱਚੇ ਨੇ ਕੋਈ ਚੋਰੀ ਨਹੀਂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੇ ਦੇ ਛੱਤ ਉੱਤੇ ਕਬੂਤਰ ਰੱਖੇ ਹੋਏ ਹਨ ਇਸ ਲਈ ਉਹ ਛੱਤ ਉੱਤੇ ਜਦੋਂ ਕਬੂਤਰ ਉਡਾਉਣ ਗਿਆ ਤਾਂ ਉਸ ਦੌਰਾਨ ਕਬੂਤਰ ਨਾਲ ਵਾਲੇ ਗੁਆਂਢੀ ਦੀ ਛੱਤ ਉੱਤੇ ਚਲਿਆ ਗਿਆ ਅਤੇ ਜਦੋਂ ਬੱਚਾ ਕਬੂਤਰ ਨੂੰ ਫੜਨ ਲਈ ਉਨ੍ਹਾਂ ਦੀ ਛੱਤ ਉੱਤੇ ਗਿਆ ਤਾਂ ਕਬੂਤਰ ਫੜਦੇ ਹੋਏ ਸੀ. ਸੀ. ਟੀ. ਵੀ. ਕੈਮਰੇ ਵੀ ਅਚਾਨਕ ਦੂਜੇ ਪਾਸੇ ਘੁੰਮ ਗਏ। ਜਦੋਂ ਬੱਚੇ ਨੇ ਸੀ. ਸੀ. ਟੀ. ਵੀ. ਕੈਮਰਾ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਕੈਮਰੇ ਬੰਦ ਹੋ ਗਏ। ਇਸ ਦੇ ਚਲਦਿਆਂ ਗੁਆਂਢ ਵਿੱਚ ਰਹਿੰਦੇ ਗੁਆਂਢੀ ਨੇ ਉਸ ਦੇ ਬੱਚੇ ਉੱਤੇ ਝੂਠੇ ਇਲਜ਼ਾਮ ਲਗਾ ਦਿੱਤੇ ਕਿ ਬੱਚੇ ਨੇ ਉਨ੍ਹਾਂ ਦੇ ਘਰ ਤੋਂ 5 ਤੋਲੇ ਸੋਨਾ ਚੋਰੀ ਕੀਤਾ ਹੈ।
ਜਦੋਂ ਇਹ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਤਾਂ ਪੁਲਿਸ ਵਾਲਿਆਂ ਨੇ ਬੱਚੇ ਦੇ ਨਾਲ ਬੇਰਹਿਮਾ ਦੀ ਤਰ੍ਹਾਂ ਕੁੱਟਮਾਰ ਕੀਤੀ। ਬੱਚੇ ਦੇ ਪਿਤਾ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਉਸਦੀ ਐਮ. ਐਲ. ਆਰ. ਵੀ ਕਟਵਾਈ। ਇਸ ਤੋਂ ਬਾਅਦ ਉਸਦੇ ਪਿਤਾ ਨੇ ਪੁਲਿਸ ਕਮਿਸ਼ਨਰ ਨੂੰ ਇੰਨਸਾਫ ਕਰਨ ਲਈ ਕਿਹਾ ਪਰ ਇਸਦੇ ਉਲਟ ਥਾਣਾ ਭਾਗ੍ਰਵ ਕੈਂਪ ਦੇ ਏ. ਐਸ. ਆਈ. ਨੇ ਉਨ੍ਹਾਂ ਨੂੰ ਗੱਲ ਖਤਮ ਕਰਨ ਲਈ ਡੇਢ ਲੱਖ ਰੁਪਏ ਮੰਗੇ। ਜਦੋਂ ਇਸ ਬਾਰੇ ਐਸ. ਐਚ. ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਰੇ ਇਲਜ਼ਾਮ ਝੂਠੇ ਹਨ ਅਜਿਹਾ ਕੁੱਝ ਨਹੀਂ ਹੋਇਆ। ਨਾ ਹੀ ਕਿਸੇ ਨੇ ਪੈਸੇ ਮੰਗੇ ਹਨ ਅਤੇ ਨਾ ਹੀ ਪੁਲਿਸ ਥਾਣੇ ਵਿੱਚ ਕਿਸੇ ਬੱਚੇ ਨੂੰ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਬਾਅਦ ਵਿੱਚ ਮਹੱਲਾ ਵਾਸੀਆਂ ਵਲੋਂ ਦਖਲ ਦੇਣ ਤੋਂ ਬਾਅਦ ਦੋਵਾਂ ਪੱਖਾਂ ਵਿੱਚ ਸਮੱਝੌਤਾ ਕਰਵਾ ਦਿੱਤਾ ਗਿਆ।