ਪੰਜਾਬ ਵਿਚ ਮਾਛੀਵਾੜਾ ਦੇ ਕੋਲ ਪਿੰਡ ਸ਼ਤਾਬਗੜ ਦੇ ਨੌਜਵਾਨ ਬਲਵੀਰ ਸਿੰਘ ਉਮਰ 33 ਦੀ ਨਸ਼ੇ ਦੀ ਓਵਰਡੋਜ ਦੇ ਕਾਰਨ ਮੌਤ ਹੋ ਗਈ ਹੈ ਜਿਸ ਦਾ ਮ੍ਰਿਤਕ ਸਰੀਰ ਪਿੰਡ ਬਹਲੋਲਪੁਰ ਦੇ ਕਿੰਨਰ ਮਹੰਤ ਦੇ ਘਰ ਦੇ ਬਾਹਰ ਮਿਲਿਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਲਵੀਰ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਅੱਜ ਸਵੇਰੇ ਉਸ ਦੀ ਲਾਸ਼ ਬਹਲੋਲਪੁਰ ਦੇ ਰਹਿਣ ਵਾਲੇ ਕਿੰਨਰ ਮਹੰਤ ਰੇਨੂੰ ਦੇ ਘਰ ਦੇ ਬਾਹਰ ਮਿਲੀ। ਮ੍ਰਿਤਕ ਬਲਵੀਰ ਸਿੰਘ ਦੇ ਪਰਵਾਰਿਕ ਮੈਬਰਾਂ ਨੇ ਰੇਨੂੰ ਮਹੰਤ ਦੇ ਘਰ ਅੱਗੇ ਆਕੇ ਇਲਜ਼ਾਮ ਲਾਏ ਕਿ ਉਨ੍ਹਾਂ ਦੇ ਬੇਟੇ ਦੀ ਇਸ ਕਿੰਨਰ ਦੁਆਰਾ ਦਿੱਤੇ ਨਸ਼ੇ ਦੇ ਕਾਰਨ ਮੌਤ ਹੋਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਡੀ. ਐਸ. ਪੀ. ਸਮਰਾਲਾ ਹਰਵਿੰਦਰ ਸਿੰਘ ਖੈਹਿਰਾ ਅਤੇ ਥਾਣਾ ਇੰਚਾਰਜ ਵਿਜੈ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚ ਗਏ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਡੀ. ਐਸ. ਪੀ. ਖੈਹਿਰਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਅਨੁਸਾਰ ਬਲਵੀਰ ਸਿੰਘ ਨਸ਼ਾ ਕਰਨ ਦਾ ਆਦੀ ਸੀ। ਜਿਸ ਨੂੰ ਨਸ਼ਾ ਛਡਾਉਣ ਲਈ ਕੇਂਦਰ ਵਿੱਚ ਵੀ 4 ਵਾਰ ਦਾਖ਼ਿਲ ਕਰਵਾਇਆ ਗਿਆ ਸੀ।
ਇਸ ਮਾਮਲੇ ਤੇ ਪੁਲਿਸ ਦੇ ਦੱਸਣ ਅਨੁਸਾਰ ਉਸਦੀ ਲਾਸ਼ ਬਹਲੋਲਪੁਰ ਵਿੱਚ ਰੇਨੂੰ ਮਹੰਤ ਦੇ ਘਰ ਬਾਹਰ ਮਿਲੀ ਅਤੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾ ਰਹੇ ਹਨ ਕਿ ਇਸ ਮਹੰਤ ਦੇ ਵੱਲੋਂ ਦਿੱਤੇ ਨਸ਼ੇ ਦੇ ਕਰਕੇ ਉਸਦੀ ਮੌਤ ਹੋਈ ਹੈ। ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਰੇਨੂੰ ਮਹੰਤ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਮ੍ਰਿਤਕ ਦੀ ਲਾਸ਼ ਦੇ ਕੋਲ ਹੀ ਇੱਕ ਸਰਿੰਜ ਵੀ ਮਿਲੀ ਹੈ ਜਿਸਦੇ ਨਾਲ ਸ਼ੰਕਾ ਕੀਤੀ ਜਾ ਰਹੀ ਹੈ ਕਿ ਇਹ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਉਸਦੀ ਮੌਤ ਹੋ ਗਈ। ਦੂਜੇ ਪਾਸੇ ਰੇਨੂੰ ਮਹੰਤ ਦਾ ਕਹਿਣਾ ਸੀ ਕਿ ਜੇਕਰ ਕੋਈ ਵਿਅਕਤੀ ਉਸ ਨੂੰ ਆਪਣੀ ਸਮੱਸਿਆ ਦੱਸਦਾ ਹੈ ਤਾਂ ਉਸਦਾ ਹੱਲ ਕਰਨ ਦਾ ਢੰਗ ਦੱਸਦੇ ਹਨ। ਬਲਵੀਰ ਸਿੰਘ ਵੀ ਉਸਦੇ ਕੋਲ ਆਪਣੀ ਸਮੱਸਿਆ ਲੈ ਕੇ ਆਇਆ ਸੀ ਲੇਕਿਨ ਉਸ ਨੂੰ ਨਹੀਂ ਪਤਾ ਕਿ ਉਸਦੇ ਘਰ ਦੇ ਬਾਹਰ ਕਿਵੇਂ ਮਰ ਗਿਆ।
ਫ਼ਿਲਹਾਲ ਪੁਲਿਸ ਵਲੋਂ ਮ੍ਰਿਤਕ ਬਲਵੀਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਉਸਦੀ ਮੌਤ ਦੇ ਕੀ ਕਾਰਨ ਹਨ। ਦੂਜੇ ਪਾਸੇ ਪਿੰਡ ਵਾਲਿਆਂ ਨੇ ਵੀ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਿੰਨਰ ਦੇ ਡੇਰੇ ਅੰਦਰ ਹਰੇਕ ਤਰ੍ਹਾਂ ਦਾ ਨਸ਼ਾ ਚੱਲਦਾ ਹੈ ਅਤੇ ਅੱਜ ਜੋ ਨੌਜਵਾਨ ਦੀ ਮੌਤ ਹੋਈ ਹੈ ਉਹ ਬਹੁਤ ਨਿੰਦਣਯੋਗ ਹੈ। ਪਿੰਡ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਜੋ ਵੀ ਦੋਸ਼ੀ ਹੈ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।