ਪੰਜਾਬ ਦੇ ਤਰਨਤਾਰਨ ਪੱਟੀ ਤੋਂ ਅੱਠ ਅਪ੍ਰੈਲ ਦੀ ਸ਼ਾਮ ਸਾਢੇ ਸੱਤ ਵਜੇ ਫੌਜ ਤੋਂ ਰਿਟਾਇਰਡ ਪ੍ਰਤਾਪ ਸਿੰਘ ਅਚਾਨਕ ਘਰ ਤੋਂ ਬਾਹਰ ਗਏ ਅਤੇ ਫਿਰ ਵਾਪਸ ਨਹੀਂ ਆਏ। ਇਹ ਬਿਆਨ ਪ੍ਰਤਾਪ ਸਿੰਘ ਦੇ ਪੁੱਤਰ ਧਰਮਿਦਰ ਸਿੰਘ ਨੇ ਥਾਣਾ ਸਦਰ ਪੱਟੀ ਪੁਲਿਸ ਨੂੰ ਦਿੰਦੇ ਹੋਏ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਮਾਮਲੇ ਦੀ ਜਦੋਂ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਮਾਮਲਾ ਹਤਿਆਕਾਂਡ ਨਾਲ ਜੁੜਿਆ ਨਿਕਲਿਆ। ਸੋਮਵਾਰ ਨੂੰ ਪੁਲਿਸ ਨੇ ਦੋਸ਼ੀ ਧਰਮਿੰਦਰ ਸਿੰਘ ਅਤੇ ਉਸ ਦੀ ਮਾਂ ਗੁਰਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਪ੍ਰਤਾਪ ਸਿੰਘ ਦੀ ਲਾਸ਼ ਸਤਲੁਜ ਦਰਿਆ ਵਿਚੋਂ ਬਰਾਮਦ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨਸਭਾ ਹਲਕਾ ਪੱਟੀ ਦੇ ਪਿੰਡ ਧਗਾਣਾ ਵਾਸੀ ਪ੍ਰਤਾਪ ਸਿੰਘ ਉਮਰ 50 ਸਾਲ ਫੌਜ ਤੋਂ ਰਟਾਇਰ ਹੋਕੇ ਪਿੰਡ ਵਿੱਚ ਖੇਤੀਬਾੜੀ ਕਰਦਾ ਸੀ। ਪ੍ਰਤਾਪ ਸਿੰਘ ਦਾ ਸੁਭਾਅ ਸਖ਼ਤ ਸੀ। ਇਸਦੇ ਚਲਦੇ ਪੁੱਤਰ ਧਰਮਿੰਦਰ ਸਿੰਘ ਅਤੇ ਪਤਨੀ ਗੁਰਜੀਤ ਕੌਰ ਦੇ ਨਾਲ ਅਕਸਰ ਪ੍ਰਤਾਪ ਸਿੰਘ ਦਾ ਝਗੜਾ ਹੁੰਦਾ ਸੀ। ਸਭ ਡਿਵੀਜਨ ਪੱਟੀ ਦੇ ਡੀਐਸਪੀ ਮਨਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਧਰਮਿੰਦਰ ਸਿੰਘ ਨੇ ਆਪਣੀ ਮਾਂ ਗੁਰਜੀਤ ਕੌਰ ਨਾਲ ਮਿਲਕੇ ਪਿਤਾ ਪ੍ਰਤਾਪ ਸਿੰਘ ਨੂੰ ਤੇਜਧਾਰ ਹਥਿਆਰਾਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਸਤਲੁਜ ਦਰਿਆ ਵਿੱਚ ਸੁੱਟ ਦਿੱਤੀ। ਆਪਣਾ ਗੁਨਾਹ ਛਿਪਾਉਣ ਦੇ ਲਈ ਧਰਮਿੰਦਰ ਸਿੰਘ ਅੱਠ ਅਪ੍ਰੈਲ ਦੀ ਸ਼ਾਮ ਨੂੰ ਸਾਢੇ ਸੱਤ ਵਜੇ ਥਾਣਾ ਸਦਰ ਪੱਟੀ ਗਿਆ ਅਤੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਪ੍ਰਤਾਪ ਸਿੰਘ ਅਤੇ ਪਰਿਵਾਰ ਦੇ ਹੋਰ ਮੈਬਰਾਂ ਦੀ ਮੋਬਾਇਲ ਕਾਲ ਲੋਕੇਸ਼ਨ ਟਰੇਸ ਕੀਤੀ ਤਾਂ ਹਤਿਆਕਾਂਡ ਤੋਂ ਪਰਦਾ ਉਠ ਗਿਆ। ਪੁਲਿਸ ਨੇ ਦੋਸ਼ੀ ਮਾਂ ਅਤੇ ਪੁੱਤ ਨੂੰ ਕਾਬੂ ਕਰਕੇ ਪੁੱਛਗਿਛ ਕੀਤੀ। ਧਰਮਿੰਦਰ ਸਿੰਘ ਨੇ ਮੰਨਿਆ ਕਿ ਉਸਨੇ ਥਾਣਾ ਸਦਰ ਦੇ ਪਿੰਡ ਸਭਰਾ ਤੁੱਲੇਵਾਲਾ ਦਰਿਆ ਦੇ ਵਿੱਚ ਪਿਤਾ ਦਾ ਲਾਸ਼ ਵਹਾ ਦਿੱਤੀ ਸੀ।
ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਤੇ ਵੀ ਪੁਲਿਸ ਨੂੰ ਸ਼ੱਕ
ਇਸ ਮਾਮਲੇ ਵਿਚ ਪੁਲਿਸ ਜਾਂਚ ਦੀ ਗੱਲ ਕਰੀਏ ਤਾਂ ਗ੍ਰਿਫਤਾਰ ਕੀਤੀ ਗਈ ਗੁਰਜੀਤ ਕੌਰ ਦੇ ਪੇਕੇ ਪਰਿਵਾਰ ਉੱਤੇ ਵੀ ਪੁਲਿਸ ਨੂੰ ਸ਼ੱਕ ਹੈ। ਕਿਉਂਕਿ ਪਿੰਡ ਸਭਰਾ ਵਿੱਚ ਪ੍ਰਤਾਪ ਸਿੰਘ ਦਾ ਸਹੁਰਾ ਘਰ ਪਰਿਵਾਰ ਰਹਿੰਦਾ ਹੈ। ਪ੍ਰਤਾਪ ਸਿੰਘ ਦੀ ਤੇਜਧਾਰ ਹਥਿਆਰਾਂ ਨਾਲ ਹੱਤਿਆ ਕਰਨ ਅਤੇ ਲਾਸ਼ ਨੂੰ ਦਰਿਆ ਵਿੱਚ ਬਹਾਉਣ ਦੇ ਮਾਮਲੇ ਵਿੱਚ ਹੋਰ ਵੀ ਲੋਕਾਂ ਦੇ ਨਾਮ ਪ੍ਰਗਟ ਹੋਣ ਦੀ ਸੱਕ ਹੈ। ਡੀਐਸਪੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਲਾਸ਼ ਦਾ ਮੰਗਲਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ।