ਪੰਜਾਬ ਵਿਚ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਦੇ ਇੱਕ ਰੈਸਟੋਰੈਂਟ ਦੇ ਵਿੱਚ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਭਿੱਖੀਵਿੰਡ ਦੇ ਖਾਲੜਾ ਰੋਡ ਦੇ ਉੱਤੇ ਸਹਿਗਲ ਰੈਸਟੋਰੈਂਟ ਦੇ ਵਿੱਚ ਇੱਕ ਨੌਜਵਾਨ ਦਲਜੀਤ ਸਿੰਘ ਉਰਫ ਜੀਤਾ ਜਿਹੜਾ ਕਿ ਪਿਛਲੇ 2 ਸਾਲ ਤੋਂ ਇਸ ਰੈਸਟੋਰੈਂਟ ਵਿੱਚ ਕੰਮ ਕਰਦਾ ਆ ਰਿਹਾ ਸੀ। ਬੀਤੀ ਦੇਰ ਰਾਤ ਉਸ ਦੀ ਲਾਸ਼ ਰੈਸਟੋਰੈਂਟ ਦੀ ਛੱਤ ਉੱਤੇ ਬਣੇ ਬਾਥਰੂਮ ਵਿੱਚ ਲਮਕਦੀ ਮਿਲੀ ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਦੇ ਵਿੱਚ ਭੇਜ ਦਿੱਤਾ।
ਇਸ ਮਾਮਲੇ ਦੇ ਸਬੰਧੀ ਰੈਸਟੋਰੈਂਟ ਦੇ ਮਾਲਿਕ ਅਸ਼ਵਨੀ ਸਹਿਗਲ ਨੇ ਕਿਹਾ ਕਿ ਦਲਜੀਤ ਸਿੰਘ ਸ਼ਾਮ ਕਰੀਬ 6 ਵਜੇ ਸਫਾਈ ਕਰਨ ਦੇ ਬਹਾਨੇ ਰੈਸਟੋਰੈਂਟ ਦੇ ਬਾਥਰੂਮ ਵਿੱਚ ਗਿਆ ਸੀ ਪਰ ਮੁੜ ਕੇ ਹੇਠਾਂ ਨਹੀਂ ਆਇਆ ਜਿਸ ਤੋਂ ਬਾਅਦ ਇਸ ਦੇ ਪਰਵਾਰਿਕ ਮੈਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਕਾਫ਼ੀ ਭਾਲਣ ਦੇ ਬਾਅਦ ਸਾਨੂੰ ਇਹ ਪਤਾ ਲੱਗਿਆ ਕਿ ਇਹ ਨੌਜਵਾਨ ਬਾਥਰੂਮ ਵਿੱਚ ਹੈ। ਜਦੋਂ ਚਿਟਕਨੀ ਤੋਡ਼ ਕੇ ਦੇਖਿਆ ਤਾਂ ਜੀਤੇ ਦੀ ਲਾਸ਼ ਲਟਕ ਰਹੀ ਸੀ। ਇਸ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਭਰਾ ਰਣਜੀਤ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਕੋਈ ਪਤਾ ਨਹੀਂ ਕੀ ਕਾਰਨ ਬਣਿਆ ਅਤੇ ਨਾ ਹੀ ਜੀਤੇ ਦਾ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਸੀ। ਫਿਲਹਾਲ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਇਹ ਪਤਾ ਲੱਗ ਸਕਦਾ ਹੈ ਕਿ ਮ੍ਰਿਤਕ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਜਾਂ ਕਿਸੇ ਨੇ ਇਸ ਦਾ ਕਤਲ ਕੀਤਾ ਹੈ।
ਇਸ ਮਾਮਲੇ ਦੇ ਸਬੰਧ ਵਿੱਚ ਜਦੋਂ ਥਾਣਾ ਭਿੱਖੀਵਿੰਡ ਦੇ ਐਸ. ਐਚ. ਓ. SHO ਜਸਵੰਤ ਸਿੰਘ ਭੱਟੀ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਪੱਟੀ ਭੇਜ ਦਿੱਤਾ ਗਿਆ ਹੈ। ਮੌਤ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਇਸ ਦੀ ਛਾਨਬੀਣ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ 3 ਬੱਚੇ ਇੱਕ ਕੁੜੀ ਅਤੇ 2 ਮੁੰਡੇ ਛੱਡ ਗਿਆ ਹੈ।