ਅੱਧੀ ਰਾਤ ਨੂੰ ਬਲੈਰੋ ਵਿੱਚ ਆਏ ਬਦਮਾਸ਼ ਕਰ ਗਏ ਕਾਂਡ, ਲੱਖਾਂ ਦਾ ਮਾਲ ਅਤੇ ਡੀਵੀਆਰ ਲੈ ਗਏ ਨਾਲ, ਜਾਂਚ ਜਾਰੀ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਸ਼ਹਿਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਥਾਣਾ ਡਵੀਜਨ ਨੰਬਰ 7 ਦੇ ਅਧੀਨ ਆਉਂਦੇ ਇਲਾਕੇ ਗੁਰੂ ਨਾਨਕ ਨਗਰ ਦੀ ਹੈ। ਸ਼ੁੱਕਰਵਾਰ ਦੀ ਰਾਤ ਨੂੰ 1: 00 ਵਜੇ ਤਿੰਨ ਨੌਜਵਾਨਾਂ ਨੇ ਇੱਕ ਰੈਡੀਮੇਡ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਦੋਸ਼ੀ ਸ਼ਟਰ ਨੂੰ ਉਖਾੜ ਕੇ ਸਟੋਰ ਦੇ ਵਿੱਚ ਦਾਖਲ ਹੋ ਜਾਂਦੇ ਹਨ। ਸਟੋਰ ਵਿੱਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਉਖਾੜ ਦਿੰਦੇ ਹਨ। ਤਕਰੀਬਨ 3 ਘੰਟੇ ਇਹ ਚੋਰ ਸਟੋਰ ਦੇ ਅੰਦਰ ਰਹਿੰਦੇ ਹਨ ਅਤੇ ਸਟੋਰ ਦੇ ਅੰਦਰ ਖੂਬ ਲੁੱਟ ਮਚਾਉਂਦੇ ਹਨ। ਇਹ ਚੋਰ ਸਵੇਰੇ 4 ਵਜੇ ਸਟੋਰ ਤੋਂ ਸਾਰਾ ਸਾਮਾਨ ਇਕੱਠਾ ਕਰਕੇ ਫਰਾਰ ਹੋ ਜਾਂਦੇ ਹਨ।

ਸੀਸੀਟੀਵੀ ਦੀਆਂ ਤਾਰਾਂ ਕੱਟ ਕੇ ਡੀਵੀਆਰ ਵੀ ਲੈ ਗਏ ਚੋਰ

ਇਸ ਮਾਮਲੇ ਸਬੰਧੀ ਫਰੈਂਡਸ ਰੈਡੀਮੇਡ ਸਟੋਰ ਦੇ ਮਾਲਿਕ ਪਰਮਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6: 00 ਵਜੇ ਦੁਕਾਨ ਦੇ ਨੇੜੇ ਰਹਿਣ ਵਾਲਿਆਂ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦਾ ਸੈਂਟਰਲ ਲਾਕ ਤੋੜ ਕੇ ਕਿਸੇ ਨੇ ਸ਼ਟਰ ਤੋਡ਼ ਦਿੱਤਾ ਹੈ। ਉਹ ਸੂਚਨਾ ਮਿਲਦਿਆਂ ਹੀ ਕੁੱਝ ਦੇਰ ਬਾਅਦ ਆਪਣੇ ਘਰ ਪਿੰਡ ਖਾਸੀ ਕਲਾਂ ਤੋਂ ਸਟੋਰ ਉੱਤੇ ਪਹੁੰਚ ਗਏ।

ਦੁਕਾਨ ਦੇ ਅੰਦਰ ਜਾਕੇ ਦੇਖਿਆ ਤਾਂ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਸਟੋਰ ਦੇ ਸਾਰੇ ਰੈਕ ਖਾਲੀ ਪਏ ਸਨ ਅਤੇ ਸਾਮਾਨ ਗਾਇਬ ਸੀ। ਇਹ ਕਰੀਬ 7 ਲੱਖ ਦਾ ਮਾਲ ਸੀ। ਬਦਮਾਸ਼ ਚੋਰ ਇਨ੍ਹੇ ਸ਼ਾਤਰ ਸਨ ਕਿ ਸਟੋਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟਕੇ ਕੈਮਰੇ ਅਤੇ ਡੀਵੀਆਰ ਵੀ ਨਾਲ ਲੈ ਗਏ।

ਨੇੜੇ ਵਾਲੀ ਦੁਕਾਨ ਦੇ ਕੈਮਰੇ ਵਿੱਚ ਕੈਦ ਹੋਈ ਵਾਰਦਾਤ

ਇਹ ਵਾਰਦਾਤ ਗੁਆਂਢ ਵਿੱਚ ਲੱਗੇ ਇੱਕ ਹੋਰ ਦੁਕਾਨਦਾਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਵਿੱਚ ਸਾਫ਼ ਦਿਖਾਈ ਦਿੱਤਾ ਕਿ ਕਰੀਬ 1 : 15 ਵਜੇ ਚੋਰ ਬਲੇਰੋ ਗੱਡੀ ਵਿੱਚ ਆਉਂਦੇ ਹਨ। ਉਨ੍ਹਾਂ ਦੇ ਸਿਰ ਉੱਤੇ ਲਾਇਟ ਲੱਗੀ ਹੁੰਦੀ ਹੈ। ਇਸ ਵਾਰਦਾਤ ਨੂੰ ਅੰਜਾਮ ਦੇਕੇ ਚੋਰ ਸਵੇਰੇ ਕਰੀਬ 4 : 00 ਵਜੇ ਵਾਪਸ ਬਲੇਰੋ ਗੱਡੀ ਵਿੱਚ ਹੀ ਫਰਾਰ ਹੋ ਜਾਂਦੇ ਹਨ।

ਸ਼ਿਕਾਇਤ ਲੈਣ ਦੀ ਬਜਾਏ ਹੱਦਬੰਦੀ ਵਿੱਚ ਉਲਝਾਇਆ

ਇਸ ਸਬੰਧੀ ਪੀੜਤ ਮਾਲਿਕ ਪਰਮਜੀਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਕਰੀਬ 2 ਘੰਟੇ ਬਾਅਦ ਪੁਲਿਸ ਮੌਕਾ ਦੇਖਣ ਦੇ ਲਈ ਆਈ। ਉਸ ਸਮੇਂ ਵੀ ਥਾਣਾ ਪੁਲਿਸ ਆਪਸ ਵਿੱਚ ਹੱਦਬੰਦੀਆਂ ਵਿੱਚ ਉਲਝੀ ਰਹੀ।

ਪੁਲਿਸ ਨੇ ਕੀ ਕਿਹਾ

ਇਸ ਮਾਮਲੇ ਤੇ ਜਾਂਚ ਅਧਿਕਾਰੀ ਸੁਭਾਸ਼ ਕੁਮਾਰ ਨੇ ਦੱਸਿਆ ਹੈ ਕਿ ਉਹ ਮੌਕੇ ਉੱਤੇ ਜਾ ਕੇ ਆਏ ਹਨ। ਦੁਕਾਨ ਮਾਲਿਕ ਨੂੰ ਥਾਣੇ ਵਿਚ ਬੁਲਾਇਆ ਹੈ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਪੜਤਾਲ ਕਰ ਰਹੀ ਹੈ। ਦੋਸ਼ੀਆਂ ਨੂੰ ਛੇਤੀ ਹੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਜਾਵੇਗਾ।

Leave a Reply

Your email address will not be published. Required fields are marked *